ਇਹ ਆਦਮ ਜਾਤੀ ਅੰਦਰੋਂ ਇਕ ਹੀ ਹੈ
ਇਹ ਆਦਮ ਜਾਤੀ ਅੰਦਰੋਂ ਇਕ ਹੀ ਹੈ
ਇਹ ਮੰਨਿਆ ਜਾਂਦਾ ਹੈ ਕਿ ਇਸ ਧਰਤੀ ਉਤੇ ਸੁਰੂ ਵਿਚ ਇਕ ਹੀ ਔਰਤ ਆਈ ਸੀ ਅਤੇ ਇਕ ਹੀ ਮਰਦ ਆਇਆ ਸੀ ਅਤੇ ਇਸਦਾ ਮਤਲਬ ਇਹ ਨਿਕਲਦਾ ਹੈ ਕਿ ਅਸੀ ਇਕ ਹੀ ਮਾਂ-ਪਿਉ ਦੀ ਔਲਾਦ ਹਾਂ। ਇਸ ਲਈ ਸਾਡਾ ਰੰਗ ਕੀ ਹੈ, ਸਾਡਾ ਮੁਲਕ ਕਿਹੜਾ ਹੈ, ਸਾਡਾ ਧਰਮ ਕੀ ਹੈ, ਸਾਡੀ ਬੋਲੀ ਕੀ ਹੈ, ਸਾਡਾ ਖਾਣ ਪੀਣ ਦਾ ਢੰਗ ਕੀ ਹੈ, ਸਾਡਾ ਸਭਿਆਚਾਰ ਕੀ ਹੈ, ਇਹ ਸਾਰੀਆਂ ਗੱਲਾਂ ਵੱਖ-ਵੱਖ ਹੋ ਗਈਆਂ ਹਨ, ਪਰ ਕੁਲ ਮਿਲਾ ਕੇ ਦੁਨੀਆਂ ਭਰ ਦੇ ਲੋਕਾਂ ਅੰਦਰ ਦਾ ਆਦਮੀ ਇਕ ਹੀ ਕਿਸਮ ਦਾ ਹੈ ਅਤੇ ਉਹ ਇਕ ਹੀ ਤਰ੍ਹਾਂ ਦੀ ਸੋਚ ਰੱਖਦਾ ਹੈ, ਇਕ ਹੀ ਤਰ੍ਹਾਂ ਮਹਿਸੂਸ ਕਰਦਾ ਹੈ। ਹਰੇਕ ਆਦਮੀ ਖੁਸ਼ ਵੀ ਹੁੰਦਾ ਹੈ।ਹਰੇਕ ਆਦਮੀ ਰੋਂਦਾ ਹੈ। ਹਰੇਕ ਆਦਮੀ ਦੁੱਖ ਮਨਾਉਂਦਾ ਹੈ। ਹਰ ਮਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ। ਹਰ ਮਾਪੇ ਬੱਚਿਆਂ ਦੀ ਪਾਲਣ-ਪੋਸ਼ਣ ਕਰਦੇ ਹਨ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਦੁਨੀਆਂ 'ਚ ਜਿੰਨੇ ਵੀ ਲੋਕ ਹਨ, ਪਾਪ ਵੀ ਕਰਦੇ ਹਨ, ਅਪਰਾਧ ਵੀ ਕਰਦੇ ਹਨ ।ਹਰ ਮੁਲਕ 'ਚ ਧਰਮ ਵੀ ਆਏ ਸਨ ਅਤੇ ਹਰ ਮੁਲਕ ਦੇ ਲੋਕ ਪਹਿਲਾਂ ਇਹ ਹੀ ਸੋਚਦੇ ਸਨ ਕਿ ਇਸ ਦੁਨੀਆਂ 'ਚ ਕੀਤੇ ਅਪਰਾਧਾਂ ਦੀ ਸਜਾ ਰੱਬ ਆਪ ਦਿੰਦਾ ਹੈ ਅਤੇ ਜਿਉਂ ਜਿਉਂ ਇਹ ਮਨੁੱਖ ਅਧੁਨਿਕ ਯੁੱਗ 'ਚ ਆਉਂਦਾ ਗਿਆ, ਰੱਬ ਵਲੋਂ ਸਜਾ ਦੇਣ ਵਾਲੀ ਗੱਲ ਛੱਡ ਦਿੱਤੀ ਗਈ ਅਤੇ ਹਰ ਮੁਲਕ ਦੀ ਸਰਕਾਰ ਨੇ ਪੁਲਿਸ, ਅਦਾਲਤਾ ਤੇ ਜੇਲਾਂ ਕਾਇਮ ਕਰ ਲਈਆਂ ਤਾਂਕਿ ਅਪਰਾਧੀਆਂ ਨੂੰ ਇਸ ਜੀਵਨ 'ਚ ਹੀ ਸਜਾ ਦੇ ਦਿੱਤੀ ਜਾਵੇ ਤਾਂ ਕਿ ਦੂਜਿਆਂ ਨੂੰ ਸਬਕ ਮਿਲ ਸਕੇ।
ਇਸ ਦੁਨੀਆਂ 'ਚ ਧਰਮ ਆਏ ਅਤੇ ਧਰਮਾਂ ਨੇ ਆਪਣੇ ਸਰਧਾਲੂਆਂ ਲਈ ਨਵੀਂ ਕਿਸਮ ਦੀਆਂ ਸ਼ਕਲਾ ਬਣਾ ਦਿੱਤੀਆਂ ਤਾਂਕਿ ਉਨ੍ਹਾਂ ਦੇ ਧਰਮ ਦਾ ਆਦਮੀ ਦੂਰੋਂ ਹੀ ਪਛਾਣਿਆਂ ਜਾ ਸਕੇ।ਧਾਰਮਿਕ ਅਸਥਾਨ ਵਖਰੇ ਬਣਾ ਦਿੱਤੇ ਅਤੇ ਵੱਖਰੀਆਂ ਕਿਤਾਬਾਂ ਵੀ ਤਿਆਰ ਕਰ ਦਿੱਤੀਆਂ, ਪਰ ਸਦੀਆ ਦਾ ਸਫਰ ਆਪਣੇ ਆਪਣੇ ਧਰਮ 'ਚ ਇਹ ਆਦਮੀ ਰਹਿਣ ਦੇ ਬਾਵਜੂਦ ਆਪਣੇ ਅੰਦਰ ਦਾ ਆਦਮੀ ਬਦਲ ਨਾ ਸਕਿਆ ਬਲਕਿ ਉਹ ਆਦਮੀ ਅੱਜ ਵੀ ਕਾਇਮ ਹੈ ਤੇ ਇਹੀ ਕਾਰਨ ਹੈ ਅੱਜ ਵੀ ਦੁਨੀਆਂ ਭਰ ਦੀਆਂ ਡੰਡਾ ਵਲੀਆਂ 'ਚ ਇਕ ਹੀ ਤਰ੍ਹਾਂ ਦੇ ਅਪਰਧਾਂ ਦੀਆ ਸੂਚੀਆਂ ਕਾਇਮ ਹਨ। ਕੋਈ ਇਹ ਆਖੇ ਕਿ ਉਸ ਦੇ ਧਰਮ ਵਾਲਿਆਂ 'ਚ ਇਹ ਪਾਪ, ਇਹ ਅਪਰਾਧ ਅਤੇ ਇਹ ਦੁਰਾਚਾਰ ਨਹੀਂ ਹੁੰਦਾ ਤਾਂ ਐਸਾ ਐਲਾਨ ਕਰਨਾ ਵਾਜਬ ਨਹੀਂ ਹੈ ਕਿਉਂਕਿ ਅੱਜ ਵੀ ਜੇਕਰ ਸਾਰੇ ਮੁਲਕਾਂ ਦੀਆਂ ਜੇਲ੍ਹਾਂ 'ਚ ਕੈਦੀਆਂ ਦੀ ਗਿਣਤੀ ਕੀਤੀ ਜਾਵੇ ਤਾਂ ਹਰ ਧਰਮ ਦਾ ਆਦਮੀ ਉਥੇ ਹੈ ਤੇ ਕੋਈ ਵੀ ਧਰਮ ਇਹ ਦਾਹਵਾ ਨਹੀਂ ਕਰ ਸਕਦਾ ਕਿ ਉਸ ਦੇ ਧਰਮ ਦੇ ਲੋਕਾਂ ਨੇ ਪਾਪ, ਅਪਰਾਧ ਤੇ ਦੁਰਾਚਾਰ ਕਰਨੇ ਛੱਡ ਦਿੱਤੇ ਹਨ।
ਇਹ ਧਰਮ ਸੁਰੂ ਤੋਂ ਹੀ ਨਹੀਂ ਸਨ ਅਤੇ ਨਾ ਹੀ ਇਹ ਰੱਬ ਦਾ ਸੰਕਲਪ ਵੀ ਲੋਕਾਂ ਪਾਸ ਕਰਦੀ ਸੀ। ਇਹ ਤਾਂ ਆਦਮੀ ਨੂੰ ਆਪਣੀ ਸੂਰਤ ਸੰਭਾਲਣ ਬਾਅਦ ਕਦੀ ਆਇਆ ਸੀ ਤੇ ਇਹ ਅਦਾਮੀ ਰੱਬ ਨਾਲ ਗੱਲਾਂ ਜੋੜਦਾ ਗਿਆ ਤੇ ਇਹ ਸਵਰਗ, ਇਹ ਨਰਕ, ਇਹ ਭਗਤੀ, ਇਹ ਧਰਮ ਰਾਜ ਦੀ ਅਦਾਲਤ, ਇਹ ਸਜਾ ਆਦਿ ਦੀਆਂ ਗਲਾਂ ਬਾਅਦ 'ਚ ਜੁੜਦੀਆਂ ਗਈਆਂ। ਭਗਤੀ ਕਰਨ ਵਾਲਿਆਂ ਨੇ ਇਹ ਵੀ ਆਖ ਦਿੱਤਾ ਕਿ ਉਹ ਉਨ੍ਹਾਂ ਨਾਲੋਂ ਬਿਹਤਰ ਹਨ ਜਿਹੜੇ ਭਗਤੀ ਨਹੀਂ ਕਰਦੇ। ਅੱਜ ਧਰਮਾਂ ਨਾਲ ਜੁੜੇ ਲੋਕਾਂ ਨੇ ਆਪਣੀਆਂ ਕਲਾਵਾਂ, ਆਪਣਾ ਪਹਿਰਾਵਾ, ਆਪਣੀ ਬੋਲ ਚਾਲ, ਆਪਣੇ ਕੱਪੜੇ, ਆਪਣਾ ਦਿਖਾਵਾ ਬਦਲ ਲਿਆ ਹੈ ਤੇ ਕੁੱਝ ਹੰਕਾਰੇ ਵੀ ਗਏ ਹਨ। ਉਹ ਇਹ ਸਮਝੀ ਬੈਠੇ ਹਨ ਕਿ ਉਹ ਬਾਕੀਆਂ ਨਾਲੋ ਬਿਹਤਰ ਹੋ ਗਏ ਹਨ ਤੇ ਉਸ ਆਦਮੀ ਨੂੰ ਪਸੰਦ ਕਰਦੇ ਹਨ ਜਿਹੜਾ ਉਨ੍ਹਾਂ ਦੀ ਇੱਜ਼ਤ ਕਰੇ। ਪਰ ਜੇਕਰ ਉਨ੍ਹਾਂ ਦੀ ਨਿਜੀ ਜ਼ਿੰਦਗੀ ਦੇਖਣ ਲਈ ਕਦੀ ਉਨ੍ਹਾਂ ਪਾਸ ਕੁਝ ਦਿੰਨ ਰਹਿ ਕੇ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਉਹ ਇਹ ਸਾਰਾ ਦਿਖਾਵਾ ਕਰਨ ਦੇ ਬਾਵਜੂਦ ਉਥੇ ਹੀ ਖਲੌਤੇ ਹਨ ਜਿਥੇ ਆਮ ਆਦਮੀ ਖਲੌਤਾ ਹੈ।ਇਹ ਅੰਦਰ ਦਾ ਆਦਮੀ ਕਦੀ ਵੀ ਬਦਲਦਾ ਨਹੀਂ ਹੈ। ਅਸੀ ਦੇਖ ਰਹੇ ਹਾਂ ਕਿ ਧਰਮਾਂ ਵਾਲਿਆਂ ਨੇ ਇਸ ਆਦਮੀ ਨੂੰ ਨਰਕਾਂ ਸਵਰਗਾਂ ਦੀਆਂ ਗੱਲਾਂ ਸਮਝਾ ਕੇ ਵੀ ਦੇਖ ਲਿਆ ਹੈ, ਪਰ ਆਖਰ 'ਚ ਜਦ ਵਕਤ ਦੀਆਂ ਸਰਕਾਰਾਂ ਨੇ ਦੇਖਿਆ ਕਿ ਇਸ ਆਦਮੀ ਨੂੰ ਧਰਮ ਠੀਕ ਨਹੀਂ ਕਰ ਸਕੇ ਤਾਂ ਉਨ੍ਹਾਂ ਨੂੰ ਆਪ ਪੁਲਿਸ, ਅਦਾਲਤਾ ਕਾਇਮ ਕਰਕੇ ਸਜ਼ਾਵਾ ਦੇਣੀਆਂ ਪਈਆਂ ਹਨ। ਪਰ ਹਾਲੇ ਵੀ ਜੇਕਰ ਕੋਈ ਇਹ ਆਖੇ ਕਿ ਇਹ ਆਦਮੀ ਠੀਕ ਠਾਕ ਹੋ ਗਿਆ ਹੈ ਤਾਂ ਉਹ ਗਲਤ ਹੈ।ਇਹ ਆਦਮੀ ਅੰਦਰੋਂ ਅੱਜ ਵੀ ਉਹੀ ਹੈ ਜਿਹੜਾ ਸਦੀਆਂ ਪਹਿਲਾਂ ਸੀ ਅਤੇ ਅੱਜ ਵੀ ਇਹ ਹਰ ਪਾਪ, ਅਤੇ ਹਰ ਦੁਰਾਚਾਰ ਕਰਦਾ ਹੈ।ਇਸ ਆਦਮੀ ਪਾਸੋਂ ਅੱਜ ਵੀ ਡਰ ਲਗਦਾ ਹੈ। ਇਹ ਧਰਮ ਅਸਥਾਨਾਂ 'ਤੇ ਰਹਿਣ ਵਾਲੇ, ਇਹ ਪਾਠ ਪੂਜਾ ਕਰਨ ਵਾਲੇ, ਇਹ ਸੰਤ ਮਹਾਤਮਾਂ ਬਣੇ ਫਿਰਦੇ ਲੋਕ, ਇਹ ਪਾਠ ਪੂਜਾ ਕਰਨ ਵਾਲੇ ਲੋਕ ਦਿਖਾਈ ਤਾਂ ਬਹੁਤ ਹੀ ਸ਼ਰੀਫ ਦਿੰਦੇ ਹਨ, ਪਰ ਅੱਜ ਜੇਕਰ ਥਾਣਿਆਂ, ਅਦਾਲਤਾਂ ਅਤੇ ਜੇਲ੍ਹਾਂ 'ਚ ਜਾ ਕੇ ਦੇਖਆ ਜਾਵੇ ਤਾਂ ਇਨ੍ਹਾਂ ਲੋਕਾਂ ਵਿਰੁੱਧ ਵੀ ਮੁਕਦਮੇ ਦਰਜ ਹਨ ਅਤੇ ਇਹ ਐਸੀਆਂ ਐਸੀਆਂ ਘਿਨੋਣੀਆਂ ਕੰਮ ਕਰ ਬੈਠੇ ਹਨ ਜਿਹੜੇ ਇਥੇ ਲਿਖਣੇ ਵਾਜਬ ਨਹੀਂ ਹਨ।
ਵਿਦਿਆ ਆਈ, ਇਹ ਸਮਾਜ ਉਸਰੇ, ਇਹ ਆਦਮੀ ਚਮਕ ਦਮਕ ਵਾਲਾ ਹੋ ਗਿਆ, ਪਰ ਅਜ ਵੀ ਇਸ ਆਦਮੀ ਦਾ ਅੰਦਰਲਾ ਆਦਮੀ ਹਰ ਪਾਪ, ਹਰ ਅਪਰਾਧ 'ਤੇ ਹਰ ਦੁਰਾਚਾਰ ਕਰ ਰਿਹਾ ਹੈ ਅੱਜ ਵੀ ਕੰਜਰੀਆਂ ਦੇ ਬਾਜ਼ਾਰ ਹਨ। ਅੱਜ ਵੀ ਨਾਚੀਆਂ ਤੇ ਗਾਉਣ ਵਾਲੀਆਂ ਹਨ। ਅੱਜ ਵੀ ਔਰਤਾਂ ਆਪਣਾ ਸਰੀਰ ਵੇਚ ਰਹੀਆਂ ਹਨ ਤੇ ਅੱਜ ਵੀ ਰਖੇਲਾਂ ਰੱਖੀਆਂ ਗਈਆਂ ਹਨ।ਅੱਜ ਵੀ ਬਲਾਤਕਾਰ ਦੇ ਮਾਮਲੇ ਆਮ ਆ ਰਹੇ ਹਨ ਤੇ ਅਸੀਂ ਦੇਖਿਆ ਹੈ, ਹਰ ਧਰਮ ਦਾ ਆਦਮੀ, ਹਰ ਅਹੁਦੇ ਦਾ ਆਦਮੀ, ਅਮੀਰ, ਗਰੀਬ, ਮਰਦ ਔਰਤਾਂ ਪਾਪ ਕਰ ਰਹੀਆਂ ਨੇ ਤੇ ਅਪਰਾਧ ਵੀ ਕੀਤੇ ਜਾ ਰਹੇ ਹਨ।
ਕੋਈ ਇਹ ਆਖੇ ਕਿ ਆਦਮੀ ਤਰੱਕੀ ਕਰ ਰਿਹਾ ਹੈ। ਅੱਜ ਵਿਦਿਆ ਆ ਗਈ ਹੈ। ਅੱਜ ਸਿਖਲਾਈ ਆ ਗਈ ਹੈ। ਅੱਜ ਹਰ ਕਿਸੇ ਨੂੰ ਰੁਜ਼ਗਾਰ ਮਿਲ ਰਿਹਾ ਹੈ। ਅੱਜ ਅਹੁਦੇ ਹਨ, ਅਮੀਰੀਆਂ ਹਨ ਅਤੇ ਸਮਾਜ 'ਚ ਵੀ ਲੋਕਾਂ ਦਾ ਸਥਾਨ ਬਣ ਗਿਆ ਹੈ।ਪਰ ਇਹ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਸਾਡਾ ਅੰਦਰਲਾਂ ਆਦਮੀ ਅੱਜ ਵੀ ਉਥੇ ਹੀ ਖੜਾ ਹੈ। ਕੋਈ ਇਹ ਆਖੇ ਕਿ ਅੱਜ ਦੇ ਆਦਮੀ ਨੂੰ ਗੁੱਸਾ ਘਟ ਆਉਂਦਾ ਹੈ। ਕੋਈ ਇਹ ਆਖੇ ਕਿ ਅੱਜ ਦਾ ਆਦਮੀ ਰੱਜ ਗਿਆ ਹੈ ਤੇ ਪੈਸੇ ਦਾ ਲਾਲਚ ਨਹੀ ਕਰਦਾ। ਕੋਈ ਇਹ ਆਖੇ ਕਿ ਅੱਜ ਦੇ ਆਦਮੀ ਵਿਚੋਂ ਕਾਮ ਵਾਸ ਨਾਵਾਂ ਘੱਟ ਗਈਆਂ ਹਨ। ਕੋਈ ਇਹ ਆਖੇ ਕਿ ਅੱਜ ਦਾ ਆਦਮੀ ਸਮਾਜ ਵਾਸੋਂ, ਰੱਬ ਪਾਸੋਂ ਤੇ ਵਕਤ ਦੀਆਂ ਸਰਕਾਰਾਂ ਪਾਸੋਂ ਡਰਦਾ ਹੈ। ਕੋਈ ਇਹ ਆਖੇ ਕਿ ਅੱਜ ਦਾ ਆਦਮੀ ਜੰਗਲੀ ਆਦਮੀ ਨਹੀਂ ਰਿਹਾ, ਬਲਕਿ ਸਮਾਜੀ ਪ੍ਰਾਣੀ ਬਣ ਗਿਆ ਹੈ ਤਾਂ ਇਹ ਗੱਲਾਂ ਉਦੋਂ ਤਕ ਹੀ ਠੀਕ ਹਨ ਜਦ ਤੱਕ ਇਸ ਆਦਮੀ ਨੂੰ ਪਾਪ ਕਰਨ, ਅਪਰਾਧ ਕਰਨ, ਦੁਰਾਚਾਰ ਕਰਨ ਦਾ ਮੌਕਾ ਨਹੀਂ ਮਿਲਦਾ। ਅੱਜ ਜੇਕਰ ਕੋਈ ਵੀ ਆਦਮੀ ਆਪੇ ਜੀਵਨ 'ਤੇ ਨਜ਼ਰ ਮਾਰਦਾ ਹੈ ਤਾਂ ਉਹ ਆਪਣੇ ਅੰਦਰ ਹੀ ਅੰਦਰ ਇਹ ਸਵੀਕਾਰ ਕਰਦਾ ਹੈ ਕਿ ਉਹ ਕਈ ਪਾਪ ਵੀ ਕਰ ਬੈਠਾ ਹੈ, ਕਈ ਅਪਰਾਧ ਵੀ ਕਰ ਬੈਠਾ ਹੈ ਤੇ ਕੋਈ ਦੁਰਾਚਾਰ ਵੀ ਕਰ ਬੈਠਾ ਹੈ। ਅੱਜ ਦਾ ਆਦਮੀ ਬਹੁਤ ਕੁਝ ਛੁਪਾਈ ਬੈਠਾ ਹੈ ਅਤੇ ਅੱਜ ਅਗਰ ਹਰ ਅਦਾਮੀ ਦੀਆਂ ਅੱਜ ਤੱਕ ਕੀਤੀਆਂ ਕਾਰਵਾਈਆਂ ਸਾਹਮਣੇ ਆ ਜਾਣ ਤਾਂ ਉਸਦੇ ਘਰ ਵਾਲੇ ਉਸਨੂੰ ਘਰੋਂ ਕੱਢ ਸਕਦੇ ਹਨ, ਇਹ ਸਮਾਜ ਵੀ ਉਸਨੂੰ ਛੇਕ ਸਕਦਾ ਹੈ ਅਤੇ ਵਕਤ ਦੀਆਂ ਸਰਕਾਰ ਉਸਨੂੰ ਜੇਲ੍ਹ ਭੇਜ ਸਕਦੀਆਂ ਹਨ।
ਅੱਜ ਦਾ ਆਦਮੀ ਡਰਾ ਬਾਬਾ ਹੈ ਤੇ ਆਪਣੀ ਅਸਲੀਅਤ ਉਹ ਆਪ ਹੀ ਜਾਣਦਾ ਹੈ।ਕੁਲ ਮਿਲਾ ਕੇ ਐਵੇਂ ਹੀ ਘਟੀ ਆਪਣੇ ਦੇ ਅਹਿਸਾਸਾਂ ਤੇ ਨਾ ਜਾਇਆ ਕਰੋ ਕਿ ਫਲਾਣਾ ਆਦਮੀ ਤੁਹਾਡੇ ਨਾਲੋਂ ਬਿਹਤਰ ਆਦਮੀ ਬਣ ਗਿਆ ਹੈ।ਐਸਾ ਕੁਝ ਵੀ ਨਹੀਂ ਹੈ।ਇਹ ਸਾਰਾ ਬਾਹਰਲਾ ਦਿਖਾਵਾ ਹੈ।ਅਸਲੀਅਤ ਉਹ ਆਦਮੀ ਆਪਣੀ ਆਪ ਵੀ ਜਾਣਦਾ ਹੈ ਅਤੇ ਅਗਰ ਤੁਸੀਂ ਵੀ ਮਾੜੀ ਜਿਹੀ ਕੋਸ਼ਿਸ਼ ਕਰਂੋ ਤਾਂ ਉਸ ਆਦਮੀ ਨੇ ਅੱਜ ਤਕ ਜੋ ਵੀ ਛੁਪਾ ਕੇ ਰੱਖਿਆ ਹੋਇਆ ਹੈ ਉਹ ਜਾਣਿਆ ਜਾ ਸਕਦਾ ਹੈ। ਇਹ ਹਰ ਆਦਮੀ ਦਿਖਾਵਾਂ ਕਰ ਰਿਹਾ ਹੈ ਤੇ ਇਹ ਵੀ ਅਸਲੀਅਤ ਹੈ ਕਿ ਹਰ ਆਦਮੀ ਆਪਣੇ ਅੰਦਰ ਦੇ ਆਦਮੀ ਦੀ ਅਸਲੀਅਤ ਜਾਣਦਾ ਹੈ ਇਸ ਲਈ ਅੱਜ ਕਿਸੇ ਵੀ ਆਦਮੀ ਦੇ ਚਿਹਰੇ ਉਤੇ ਸਵੈ ਵਿਸ਼ਵਾਸ ਦੀ ਝਲਕ ਦਿਖਾਈ ਨਹੀਂ ਦਿੰਦੀ।

No comments