
ਢੋਲ ਵਜਾ ਕੇ ਪੰਜਾਬ ਸਰਕਾਰ ਦੀ ਪੋਲ ਖੋਲ੍ਹਣ ਦੀ ਪੰਜਾਬ ਭਾਜਪਾ ਦੀ ਸੂਬਾ ਪੱਧਰੀ ਮੁਹਿੰਮ ਅਧੀਨ ਅੱਜ ਜਲੰਧਰ 'ਚ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਅਤੇ ਪੰਜਾਬ ਦੇ ਸਾਬਕਾ ਡਿਪਟੀ ਸੀ. ਐੱਮ. ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਢੋਲ ਵਜਾ ਕੇ ਰਾਜ ਸਰਕਾਰ ਦੀਆਂ ਨੀਤੀਆਂ 'ਤੇ ਖੂਬ ਭੜਾਸ ਕੱਢੀ। ਅਕਾਲੀ-ਭਾਜਪਾ ਆਗੂਆਂ ਨੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਜਨਤਾ ਵਿਰੋਧੀ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਤੋਂ ਇਕ ਹੀ ਸਾਲ 'ਚ ਲੋਕਾਂ ਦਾ ਮਨ ਭਰ ਗਿਆ ਹੈ। ਆਗੂਆਂ ਨੇ ਮੰਚ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਖੁੱਲ੍ਹ ਕੇ ਮਜ਼ਾਕ ਉੁਡਾਇਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਪੰਜਾਬ ਦੀ ਨੰਬਰ ਵਨ ਦੁਸ਼ਮਣ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਬੀਤੇ ਸਮੇਂ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਐਲਾਨ ਕੇ ਸੂਬੇ ਦਾ ਨਾਂ ਪੂਰੀ ਦੁਨੀਆ 'ਚ ਬਦਨਾਮ ਕੀਤਾ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਬੀਤੇ ਸਮੇਂ ਦੌਰਾਨ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ੇੜੀ ਸਨ ਤਾਂ ਸਰਕਾਰ ਦੱਸੇ ਕਿ ਉਸ ਨੇ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਕਿੰਨੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਹਸਪਤਾਲਾਂ 'ਚ ਦਾਖਲ ਕਰਵਾਇਆ ਹੈ। ਅਤੇ ਕਿੰਨੇ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਵਲੋਂ ਖਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟਣਾ ਜਾਇਜ਼ ਨਹੀਂ ਕਿਉਂਕਿ ਵੈਟ, ਟੈਕਸੇਸ਼ਨ, ਰੋਡਵੇਜ਼, ਬਿਜਲੀ ਆਦਿ ਤੋਂ ਜੋ ਆਮਦਨ ਸਰਕਾਰ ਨੂੰ ਹੋ ਰਹੀ ਹੈ, ਉਹ ਖਜ਼ਾਨੇ 'ਚ ਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋ ਮਹੀਨੇ ਲਈ ਸਾਨੂੰ ਸਰਕਾਰ ਸੌਂਪਦਿਓ, ਅਸੀਂ ਖਜ਼ਾਨਾ ਭਰ ਕੇ ਦਿਖਾ ਦਿਆਂਗੇ।
'ਵਜਾਓ ਢੋਲ,ਖੋਲ੍ਹੋ ਪੋਲ' ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਝੂਠ ਅਤੇ ਫਰੇਬ ਦੇ ਸਹਾਰੇ ਸੱਤਾ 'ਚ ਆਈ ਕਾਂਗਰਸ ਸਰਕਾਰ ਦੀ ਪੋਲ ਇਕ ਸਾਲ 'ਚ ਹੀ ਖੁੱਲ੍ਹ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਦੇਸ਼ ਦੇ ਇਤਿਹਾਸ ਦੀ ਪਹਿਲੀ ਅਜਿਹੀ ਸਰਕਾਰ ਹੋਵੇਗੀ, ਜਿਸ ਨੇ ਜਨ-ਸਹੂਲਤਾਂ ਸ਼ੁਰੂ ਕਰਨ ਦੀ ਥਾਂ ਉਨ੍ਹਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੋਵੇ।
ਸਾਂਪਲਾ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵਲੋਂ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਹਰ ਸਾਲ ਪੇਸ਼ ਕੀਤਾ ਜਾਂਦਾ ਹੈ ਪਰ ਇਕ ਸਾਲ ਬੀਤ ਜਾਣ ਤੋਂ ਬਾਅਦ ਕੈਪਟਨ ਸਰਕਾਰ ਨਾਲਾਇਕ ਵਿਦਿਆਰਥੀ ਵਾਂਗ ਆਪਣਾ ਰਿਪੋਰਟ ਕਾਰਡ ਲੁਕਾ ਰਹੀ ਹੈ। ਕੈਪਟਨ ਸਰਕਾਰ ਕੋਲ ਕੋਈ ਵੀ ਅਜਿਹੀ ਰਿਪੋਰਟ ਨਹੀਂ, ਜਿਸ ਨੂੰ ਉਹ ਦਾਅਵੇ ਨਾਲ ਲੋਕਾਂ ਵਿਚਾਲੇ ਪੇਸ਼ ਕਰ ਸਕਦੀ ਹੋਵੇ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਖੁਦ ਮੰਨਦੇ ਹਨ ਕਿ ਸਰਕਾਰ ਆਪਣੀ ਕਾਰਜਸ਼ੈਲੀ ਨਹੀਂ ਦਿਖਾ ਸਕੀ।
ਭਾਜਪਾ ਦੇ ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਨਸ਼ਾ ਬੰਦ ਕਰਨ ਲਈ ਗੁਟਕਾ ਸਾਹਿਬ ਨੂੰ ਹੱਥ 'ਚ ਲੈ ਕੇ ਸਹੁੰ ਚੁੱਕਣ ਵਾਲੇ ਸੀ. ਐੱਮ. ਇਕ ਸਾਲ 'ਚ ਹੀ ਆਪਣੀ ਸਹੁੰ ਭੁੱਲ ਗਏ।
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ, ਮਦਨ ਮੋਹਨ ਮਿੱਤਲ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਕਮਲ ਸ਼ਰਮਾ, ਰਜਿੰਦਰ ਭੰਡਾਰੀ, ਸੋਮ ਪ੍ਰਕਾਸ਼, ਅਸ਼ਵਨੀ ਸ਼ਰਮਾ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਵਿਧਾਇਕ ਦਿਨੇਸ਼ ਬੱਬੂ, ਮੋਹਿੰਦਰ ਭਗਤ, ਅਰੁਣ ਨਾਰੰਗ, ਸਵਰਨ ਸਲਾਰੀਆ ਆਦਿ ਨੇ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਜਨਰਲ ਸਕੱਤਰ ਜੀਵਨ ਗੁਪਤਾ, ਸਾਬਕਾ ਮੰਤਰੀ ਅਨਿਲ ਜੋਸ਼ੀ, ਤੀਕਸ਼ਣ ਸੂਦ, ਸੁਰਜੀਤ ਕੁਮਾਰ ਜਿਆਣੀ, ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ, ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸੁਖਮਿੰਦਰਪਾਲ ਸਿੰਘ ਗਰੇਵਾਲ, ਰਾਕੇਸ਼ ਰਾਠੌੜ, ਜਨਰਲ ਸਕੱਤਰ ਸੰਗਠਨ ਦਿਨੇਸ਼ ਕੁਮਾਰ, ਸਾਬਕਾ ਵਿਧਾਇਕਾ ਸੀਮਾ ਕੁਮਾਰੀ, ਕੇ. ਡੀ. ਭੰਡਾਰੀ, ਸੁਭਾਸ਼ ਸ਼ਰਮਾ, ਅਮਿਤ ਤਨੇਜਾ, ਵਿਨੀਤ ਜੋਸ਼ੀ, ਕੁਲਵੰਤ ਸਿੰਘ, ਬਲਜੀਤ ਸਿੰਘ ਨੀਲਾ ਮਹਿਲ, ਰਣਜੀਤ ਸਿੰਘ ਰਾਣਾ ਤੇ ਪਰਮਜੀਤ ਸਿੰਘ ਰਾਏਪੁਰ ਆਦਿ ਮੌਜੂਦ ਰਹੇ।
ਸੁਖਬੀਰ ਜੀ ਹੁਣ ਕਹਿਣਾ ਛੱਡ ਦਿਓ ਕਿ ਭਾਜਪਾ ਦੇ ਪੱਲੇ ਕੁਝ ਨਹੀਂ
ਰੈਲੀ ਦੌਰਾਨ ਵਿਜੇ ਸਾਂਪਲਾ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਹੁਣ ਉਹ ਇਹ ਕਹਿਣਾ ਛੱਡ ਦੇਣ ਕਿ ਭਾਜਪਾ ਦੇ ਪੱਲੇ ਕੁਝ ਨਹੀਂ। ਸਾਂਪਲਾ ਦੇ ਇਸ ਬਿਆਨ 'ਤੇ ਭਾਜਪਾ ਵਰਕਰਾਂ ਨੇ ਖੂਬ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਮਿਲ ਕੇ ਭਾਜਪਾ ਅਤੇ ਅਕਾਲੀ ਦਲ ਪੰਜਾਬ ਵਿਚ ਦੁਬਾਰਾ ਸੱਤਾ ਵਿਚ ਆਉਣਗੇ। ਸੁਖਬੀਰ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਇਤਿਹਾਸਕ ਹੈ। ਅਕਾਲੀ ਦਲ ਦਾ ਦਿਲ ਭਾਜਪਾ ਵਿਚ ਹੀ ਹੈ। ਦੋਵਾਂ ਦਾ ਇਕੱਠਿਆਂ ਹੀ ਜਿਊਣਾ ਤੇ ਮਰਨਾ ਹੈ।
No comments