ਹਰ ਚੰਗੇ ਪਿੰਡ, ਸ਼ਹਿਰ ਤੇ ਸਮਾਜ ਦੀ ਤਰੱਕੀ ਲਈ ਉੱਥੇ ਦੇ ਆਮ ਨਾਗਰਿਕਾਂ ਲਈ ਸਾਰੀਆਂ ਬੁਨਿਆਦੀ ਸਹੂਲਤਾਂ ਦੀ ਲੋੜ ਹੈ, ਅਤੇ ਲੋਕਤੰਤਰੀ ਵਿਵਸਥਾ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਆਰਥਿਕ ਤੇ ਸਮਾਜਿਕ ਹਾਲਤਾਂ ਦਾ ਮਜ਼ਬੂਤ ਹੋਣਾ ਜਰੂਰੀ ਹੈ।ਸਿੱਖਿਆ ਅਤੇ ਸਿਹਤ ਵਿਵਸਥਾਵਾਂ ਨੂੰ ਸਹੀ ਰੂਪ ਦੇਣਾ, ਸਾਰੀਆਂ ਸਮੱਸਿਆਵਾਂ ਹੱਲ ਕਰਨ ਲਈ ਇਕ ਉੱਤਮ ਉਪਰਾਲਾ ਹੈ ।ਭਾਰਤ ਦੇਸ਼ ਨੂੰ ਅਜ਼ਾਦ ਹੋਇਆ ਲਗਭਗ ਸੱਤਰ ਸਾਲ ਹੋ ਚੁੱਕੇ ਹਨ ।ਦੇਸ਼ ਦੀ ਲਗਾਤਾਰ ਵਧਦੀ ਅਬਾਦੀ ਕਾਰਨ ਆਰਥਿਕ ਤੌਰ ਤੇ ਦੇਸ਼ ਦਾ ਗ੍ਰਾਫ ਡਿੱਗਦਾ ਜਾ ਰਿਹਾ ਹੈ।ਅਜ਼ਾਦੀ ਤੋ ਬਾਅਦ ਸਿੱਖਿਆ ਸੰਸਥਾਵਾਂ ਤੇ ਹਸਪਤਾਲਾ ਦੀ ਗਿਣਤੀ 'ਚ ਵਾਧਾ ਜ਼ਰੂਰ ਹੋਇਆ ਹੈ ।ਪਰੰਤੂ ਲਗਾਤਾਰ ਅਬਾਦੀ ਦੇ ਵਧਣ ਨਾਲ ਅਤੇ ਸਮੇਂ ਦੀਆਂ ਵੱਖ-ਵੱਖ ਸਰਕਾਰਾਂ ਵਲੋਂ ਮੁੱਢਲੀਆਂ ਸਹੂਲਤਾਂ ਪੂਰੀਆਂ ਨਾ ਕਰ ਸਕਣ ਕਾਰਨ ਸਿੱਖਿਆ ਤੇ ਸਿਹਤ ਸਹੂਲਤਾਂ ਪ੍ਰਭਾਵਿਤ ਹੋਈਆਂ ਹਨ । ਬੇਰੁਜਗਾਰੀ ਤੇ ਵਧਦੀ ਅਬਾਦੀ ਕਾਰਨ ਆਮ ਲੋਕ ਮਹਿੰਗੀ ਸਿੱਖਿਆ ਤੇ ਮਹਿੰਗੇ ਇਲਾਜ ਕਰਵਾਉਣ ਤੋਂ ਅਸਮਰਥ ਹਨ ।ਹਰ ਖਾਣ ਵਾਲੀ ਵਸਤੂ ਸਬਜ਼ੀਆਂ, ਦਾਲਾਂ, ਦੁੱਧ, ਫਲ ਆਦਿ ਮਿਲਾਵਟੀ ਹਨ ਜਿਸ ਕਾਰਨ ਛੋਟੀ ਉਮਰ ਦੇ ਬੱਚੇ ,ਨੌਜਵਾਨ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ ।ਨਿੱਜੀ ਸਿੱਖਿਆ ਸੰਸਥਾਵਾਂ ਵਿਚ ਸਿੱਖਿਆ ਇੰਨੀ ਮਹਿੰਗੀ ਹੈ ਕਿ ਆਮ ਆਦਮੀ ਬੱਚਿਆਂ ਨੂੰ ਚੰਗੇ ਸਕੂਲ 'ਚ ਪੜਾਉਣ ਬਾਰੇ ਸੋਚ ਤੱਕ ਨਹੀਂ ਸਕਦਾ।ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਦੇ ਖਰਚੇ ਬਾਰੇ ਸੋਚ ਕੇ ਮਰੀਜ਼ ਹੋਰ ਵੱਧ ਬਿਮਾਰ ਹੋ ਜਾਦਾ ਹੈ।ਬੇਸ਼ੱਕ ਇਹ ਸਹੂਲਤਾਂ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪਰੰਤੂ ਉਪਰੋਕਤ ਕੰਮਾਂ 'ਚ ਸਮਾਜ ਨੂੰ ਹੰਭਲਾ ਮਾਰਨ ਦੀ ਲੋੜ ਹੈ । ਆਮ ਦੇਖਦੇ ਹਾਂ ਕਿ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਸੇਵਾ ਜਾ ਦਾਨ ਦੇ ਤੌਰ ਤੇ ਲੰਗਰ ਆਦਿ ਲਈ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਂਦਾ ਹੈ ਚੰਗੀ ਗੱਲ ਵੀ ਹੈ । ਇਸ ਤੋ ਇਲਾਵਾ ਵਿਆਹ ਸ਼ਾਦੀਆਂ 'ਚ ਲੋੜ ਤੋਂ ਵੱਧ ਖਰਚ ਕੀਤਾ ਜਾਂਦਾ ਹੈ  ਧਾਰਮਿਕ ਅਸਥਾਨਾਂ ਨੂੰ ਜਾਤ-ਪਾਤ ਦੇ ਤੌਰ ਤੇ ਵੰਡ ਕੇ ਵੱਖ-ਵੱਖ ਤਰ੍ਹਾਂ ਦੀਆਂ ਬਹੁ ਕਰੌੜੀ ਇਮਾਰਤਾ ਬਣਾਈਆਂ ਜਾ ਰਹੀਆਂ ਹਨ । ਇਸ 'ਚ ਕੋਈ ਬੁਰਾਈ ਨਹੀ ਦੇਸ਼ ਦੀ ਆਮ ਜਨਤਾ ਬਿਨਾਂ ਸਿੱਖਿਆ ਤੇ ਬਿਨਾਂ ਇਲਾਜ ਮੌਤ ਦੇ ਮੂੰਹ 'ਚ ਜਾ ਰਹੀ ਹੈ।ਜਿਸ ਕਾਰਨ ਦੇਸ਼ ਹੋਰ ਵੀ ਪਛੜ੍ਹਦਾ ਜਾ ਰਿਹਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਅਜਿਹੇ ਪਰਵਾਸੀ ਪੰਜਾਬੀ ਤੇ ਦਾਨੀ ਸੱਜਣ ਹਨ ਜੋ ਸਾਝੇਂ ਕੰਮਾਂ ਲਈ ਦਿਲ ਖੋਲ ਕੇ ਮੱਦਦ ਕਰ ਰਹੇ ਹਨ । ਉਨ੍ਹਾਂ ਦੀ ਮੱਦਦ ਨਾਲ ਵੱਖ-ਵੱਖ ਪਿੰਡਾਂ ਤੇ ਕਸਬਿਆਂ 'ਚ ਸਿੱਖਿਆ ਤੇ ਸਿਹਤ ਸਹੂਲਤਾਂ 'ਚ ਰਹਿੰਦੀਆਂ ਘਾਟਾ ਨੂੰ ਪੂਰਾ ਕੀਤਾ ਜਾ ਸਕਦਾ ਹੈ । ਲੋੜ ਅਨੁਸਾਰ ਲੰਗਰ ਤੇ ਵਿਆਹ ਸ਼ਾਦੀਆਂ ਲਈ ਖਰਚੇ ਵੀ ਜਰੂਰੀ ਹਨ ਪਰੰਤੂ ਅੱਜ ਉਹ ਸਮਾਂ ਹੈ ਜਿਸ 'ਚ ਦਾਨ ਦੀ ਦਸ਼ਾ ਤੇ ਦਿਸ਼ਾ ਬਦਲਣ ਦੀ ਲੋੜ ਹੈ ।ਪਿੰਡਾਂ 'ਚ ਚੰਗੇ ਸਕੂਲ ਤੇ ਉਨ੍ਹਾਂ 'ਚ ਲੋੜੀਦੀਆਂ ਵਸਤਾਂ, ਲੋੜਵੰਦ ਲਈ ਮੁਫਤ ਕਿਤਾਬਾਂ ਆਦਿ ਨੂੰ ਪੂਰਾ ਕਰਨ ਦੀ ਲੋੜ ਹੈ।ਸਿਹਤ ਸਬੰਧੀ ਜਾਗਰੂਕਤਾ ਲਈ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਸਿਹਤ ਸਬੰਧੀ ਲੈਬੋਰਟਰੀਆਂ ਤੇ ਚੈਰੀਟੇਬਲ ਹਸਪਤਾਲਾਂ ਦੀ ਲੋੜ ਹੈ ਮੈਡੀਕਲ ਜਾਗਰੂਕਤਾਂ ਕੈਂਪ ਲਗਾਉਣੇ ਜਰੂਰੀ ਹਨ । ਡਾਕਟਰੀ ਫੀਸ ਬਿਲਕੁਲ ਨਾ-ਮਾਤਰ ਹੋਣੀ ਚਾਹੀਦੀ ਹੈ ਇਸ ਤੋ ਇਲਾਵਾ ਮੁਫਤ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਕਿ ਲੋੜਵੰਦ ਇਲਾਜ ਤੇ ਸਿੱਖਿਆ ਤੋਂ ਵਾਝਾਂ ਨਾ ਰਹਿ ਸਕੇ ।ਇਸ ਕੰਮ ਲਈ ਸਰਕਾਰੀ ਸਹਾਇਤਾ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਨੂੰਂ ਵੀ ਅੱਗੇ ਆਉਣ ਦੀ ਲੋੜ ਹੈ। ਇਸ ਕੰਮ ਲਈ ਨੌਜਵਾਨ ਵਰਗ ਨੂੰ ਵੀ ਅੱਗੇ ਆਉਣਾ ਪਵੇਗਾ ਇਸ ਤਰ੍ਹਾਂ ਦਾਨ ਪ੍ਰਤੀ ਸੋਚ ਬਦਲ ਕੇ ਸਭ ਦੇ ਸਾਝੇਂ ਯਤਨਾਂ ਨਾਲ ਉਪਰੋਕਤ ਕੰਮਾਂ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ । ਪਿੰਡਾਂ, ਸ਼ਹਿਰਾਂ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਇਨ੍ਹਾਂ ਭਲੇ ਦੇ ਕੰਮਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ।ਇਹ ਦੋਵੇਂ ਸਹੂਲਤਾਂ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ । 

No comments